ਚਿਰਾਂ ਤੋਂ ਹੀ ਸੋਚ ਮੇਰੀ ਗ਼ਮਾਂ ਦੀ ਗੁਲਾਮ ਏ,
ਹਰ ਪਲ ਜ਼ਿੰਦਗੀ ਦਾ ਲਗਦਾ ਹਰਾਮ ਏ .
ਜ਼ਹਿਰ ਦਾ ਪਿਆਸਾ ਇਹ ਸੋਚ ਕੇ ਮੈਂ ਡੋਹਲਿਆ,
ਕਾਇਰਤਾ ਦਾ ਐਵੇਂ ਲੱਗ ਜਾਣਾ ਇਲ੍ਜ਼ਾਮ ਏ .
ਮੇਰੇ ਵੱਸ ਹੋਵੇ ਖਾਨਾ ਕਢ ਦਿਆਂ ਦਿਮਾਗ ਦਾ,
ਜੀਹਦੇ ਵਿੱਚ ਯਾਦ ਤੇਰੀ ਆਉਂਦੀ ਸੁਬ੍ਹਾ ਸ਼ਾਮ ਏ.
ਹੋਠਾਂ ਨੂੰ ਤਾਂ ਸੀ ਲੈਨਾਂ ਹੁਸਨ ਨੂੰ ਵੇਖ ਕੇ,
ਨਜ਼ਰ ਪਤਾ ਨਹੀਂ ਕਾਹਤੋਂ ਰਹਿੰਦੀ ਬੇ-ਲਗਾਮ ਏ .
ਕਰਾਂ ਕਿਓਂ ਯਕੀਨ ਤੇਰੇ ਸ਼ਹਿਰ ਦੇ ਕਾਨੂਨ ਤੇ,
ਕਾਤਿਲ ਤਾਂ ਮੇਰਾ ਘੁਮ ਰਿਹਾ ਸ਼ਰੇਆਮ ਏ.
ਕਰੇ ਇਨਸਾਫ਼ ਕਿਵੇਂ ਸਧਰਾਂ ਦੇ ਖੂਨ ਦਾ,
ਤੇਰੇ ਹੱਥਾਂ ਵਿੱਚ ਤੇਰੇ ਸ਼ਹਿਰ ਦਾ ਨਜ਼ਾਮ ਏ.
ਕੀਹਦੇ ਖ਼ਤ ਵਿੱਚ ਐਨੀ ਟੇਢੀ ਤਹਿਰੀਰ ਏ,
ਲਗਦਾ ਹੈ ਮੈਨੂੰ ਕਿਸੇ ਰਿੰਦ ਦਾ ਪੈਗ਼ਾਮ ਏ.
ਲਿਖ ਕੇ ਸਚਾਈ ਨਿੱਤ ਨਾਗਣ ਦੇ ਡੰਗਾਂ ਦੀ,
ਚਾਹਲ ਖੁਦ ਦੁਨੀਆਂ ਤੇ ਹੋਇਆ ਬਦਨਾਮ ਏ.