Saturday, March 26, 2011

ਪਿਆਰ ਤੇਰੇ ਦੀ ਮੜ੍ਹੀ ਤੇ ਅੱਜ ਵੀ ਰੂਹ ਦੇ ਫੁੱਲ ਚੜ੍ਹਾਏ ,
ਯਾਦ ਤੇਰੀ ਨੇ ਅੱਜ ਵੀ ਆਕੇ ਦੀਦੇ ਖੂਬ ਰੁਆਏ .
ਮੁਹੱਬਤ ਤੁਲ ਗਈ ਸਿੱਕਿਆਂ ਵਿੱਚ ਕਰ ਬੁੱਕਲ ਸੁੰਨੀ ਮੇਰੀ,
ਅਸ਼ਕ ਲਹੂ ਦੇ ਮਣ ਮਣ ਹਿੱਸੇ ਨੈਣ ਮੇਰਿਆਂ ਦੇ ਆਏ.
ਦੰਦਲ ਪਈ ਅਰਮਾਨ ਮੇਰਿਆਂ ਨੂੰ ਜਦ ਵੱਟਣਾ  ਤੂੰ ਲਾਇਆ,
ਮੈਖਾਨੇ ਵਿੱਚ ਭਰ ਭਰ ਸਾਕੀ, ਮੈਅ ਦੇ ਟੀਕੇ ਲਾਏ .
ਮਾਠ ਤੁਰੇ ਹੁਸਨਾਂ ਦੇ ਪੰਛੀ ਦਿਲ ਚੋਣ ਧੜਕਣ ਮੇਰੀ,
ਗਰਕ ਗਏ ਪਰਦੇਸੀਂ ਜਾਕੇ, ਮੁੜ ਨਜਰੀਂ ਨਾ ਆਏ.
ਕਿਉਂ  ਸੱਜਣਾ ਉਏ ਫਾਕੇ ਕੱਟੇ ਵਖੀ ਮੁੱਕੀਆਂ ਦੇਕੇ,
ਜੋ ਮੇਰੇ ਲਈ ਕਰਵੇ ਰਖੇ , ਕੰਮ ਗੈਰਾਂ ਦੇ ਆਏ.
ਮਹਿਲਾਂ ਵਾਲਿਆਂ ਚਾਅ ਮੇਰਿਆਂ ਨੂੰ ਬਿਨ ਭੁੰਨੇ ਇੰਜ ਖਾਧਾ,
ਬੋਟ ਸਾਬਤਾ ਜਿਉਂ ਕੋਈ ਨਾਗਣ, ਬਿਨ ਚਿਥੇ ਖਾ ਜਾਏ .
ਇਸ਼ਕ਼ ਤੇਰੇ ਦੀ ਯਾਦ ਹਮੇਸ਼ਾ ਚੁਮ ਚੁਮ  ਗਲੇ ਲਗਾਈ ,
ਵਿਧਵਾ ਜਿਉਂ ਇਕਲੌਤੇ ਪੁੱਤ ਦੀ ਲਾਸ਼ ਨੂੰ ਸੀਨੇ ਲਾਏ .
ਯਾਦ ਤਾਂ ਮੇਰੀ ਆਊ ਭਾਵੇਂ ਤਾਜ ਮਹਿਲ ਵਿੱਚ ਰਹਿ ਲਯੀੰ,
ਜਦ ਘੁੱਗੀਆਂ ਦੇ ਜੋੜੇ ਵੇਖੇ ਚੁੰਝ ਵਿੱਚ ਚੁੰਝ ਫਸਾਏ.
ਕੋਤਰ ਸੌ ਕੁ ਮਰਜ਼ ਦੀ ਮਾਲਿਕ ਹਸਰਤ ਅੱਥਰੀ ਮੇਰੀ,
ਹੱਥ ਖੜ੍ਹੇ ਕਰ ਸਾਰੇ ਮੁੜ ਗਏ ਜੋ ਮੈਂ ਵੈਦ ਬੁਲਾਏ .
ਦੋ ਨੈਣ ਜਦ ਚਾਰ ਸੀ ਹੋਏ , ਪੱਬ ਟਿਕੇ ਨਾ ਭੋਇੰ,
ਜਦ ਤੋਂ ਗਿਣਤੀ ਦੋ ਫਿਰ ਹੋ ਗਈ, ਭੋੰ ਖਿਸਕਦੀ ਜਾਏ .
ਚਾਹਲ ਦੇ ਵੈਰੀ ਪਹਿਲਾਂ ਹੀ ਸਨ ਦੁਨੀਆਂ ਵਿੱਚ ਬਥੇਰੇ,
ਨਾਤਾ ਜੋੜ ਰਕੀਬਾਂ ਦੇ ਸੰਗ, ਦੁਸ਼ਮਨ ਹੋਰ ਵਧਾਏ.    

Tuesday, March 22, 2011

ਕਦੀ ਛੇੜਿਆ ਵੀ ਕਰ ਕੋਈ ਪਿਆਰ ਦੀਆਂ ਗੱਲਾਂ ,
ਲੈਕੇ ਬੈਠ ਜਾਵੇਂ ਨਿੱਤ ਸੰਸਾਰ ਦੀਆਂ ਗੱਲਾਂ.
ਚੰਦ ਘੜੀਆਂ ਲਈ ਹੋਵੇ ਤੇਰਾ ਵਸਲ ਨਸੀਬ,
ਉਹਦੇ ਵਿੱਚ ਹੀ ਘਸੋੜੇੰ ਪਰਿਵਾਰ ਦੀਆਂ ਗੱਲਾਂ.
ਰੋਜ਼ ਆਉਣ ਸਾਰ ਰਹੇ ਤੈਨੂੰ ਮੁੜਨੇ ਦੀ ਕਾਹਲੀ,
ਦਿਲ ਭਰ ਕੇ ਵੀ ਸੁਣ ਕਦੇ ਯਾਰ ਦੀਆਂ ਗੱਲਾਂ.
ਕਾਹਤੋਂ ਪੁਛੇਂ ਤੂੰ ਹਮੇਸ਼ਾ ਮੈਥੋਂ ਪਤਝੜ ਬਾਰੇ,
ਕਦੇ ਪੁਛਿਆ ਵੀ ਕਰ ਤੂੰ ਬਹਾਰ ਦੀਆਂ ਗੱਲਾਂ.
ਨਿੱਤ ਸ਼ਿਕਵੇ, ਸ਼ਕਾਇਤਾਂ ਕਰ ਦਿਲ ਨੂੰ ਦੁਖਾਵੇਂ,
ਕਢ ਹੋਠਾਂ ਵਿੱਚੋਂ ਕਦੀ ਤਾਂ ਕਰਾਰ ਦੀਆਂ ਗੱਲਾਂ.
ਲੋਕ ਆਖਦੇ ਨੇ ਰਹੇ ਤੈਨੂੰ ਚੁਗਲੀ ਦੀ ਤਾਂਘ,
ਕਰੇਂ ਦਿਨ ਵਿੱਚ ਰੋਜ਼ ਤੂੰ  ਹਜ਼ਾਰ ਦੀਆਂ ਗੱਲਾਂ.
ਬੈਠ ਸਾਹਮਣੇ ਤੂੰ ਦੀਦਿਆਂ ਦੀ ਪਿਆਸ ਨੂੰ ਬੁਝਾ,
ਕਰ ਚਾਹਲ ਵਾਂਗੂੰ ਐਵੇਂ ਨਾ ਬੇਕਾਰ ਜਿਹੀਆਂ ਗੱਲਾਂ.

Monday, March 21, 2011

ਕਦੇ ਆ ਕਮਲੀ ਦੇ ਚੱਲ , ਵੇ ਕਬਿਆ ਮਹਿਰਮਾ,
ਦੇਵੀਂ  ਚਾਰ ਵਸਲ ਦੇ ਪਲ, ਵੇ ਕਬਿਆ ਮਹਿਰਮਾ.
ਬਾਝ ਮੁਹੱਬਤਾਂ ਹਯਾਤ ਗੁਜ਼ਰ ਗਈ ,
ਰੋ ਰੋ ਇੱਕ ਇੱਕ ਰਾਤ ਗੁਜ਼ਰ ਗਈ,
ਮੈਥੋਂ ਹੰਝ ਨਾ ਹੋਇਆ ਠੱਲ੍ਹ, ਵੇ ਕਬਿਆ ਮਹਿਰਮਾ.
ਭੁੱਲ ਪੁਰਾਣੇ ਝਗੜੇ ਝੇੜੇ,ਦਿਲ ਆਪਣੇ ਦੇ ਹਾਲ ਸੁਨੇਹੜੇ,
ਤੂੰ ਹੱਥ ਪੌਣਾ ਦੇ ਘੱਲ, ਵੇ ਕਬਿਆ ਮਹਿਰਮਾ.
ਸੋਹਲ ਸੁਨਹਿਰੇ ਖ਼ਾਬ ਦਿਖਾਕੇ ,ਦੂਰ ਪਹੁੰਚ ਤੋਂ ਬਹਿ ਗਿਆ ਜਾਕੇ,
ਆਇਆ ਮੁੜ ਨਾ ਵਤਨਾਂ ਵੱਲ,ਵੇ ਕਬਿਆ ਮਹਿਰਮਾ.
ਸੱਜਣਾ ਜੇ ਤੂੰ ਮੁੜ ਘਰ ਆਵੇਂ , ਮੈਂ ਤੱਤੜੀ ਦੇ ਗਲ ਲੱਗ ਜਾਵੇਂ,
ਰੱਖਾਂ ਜ਼ੁਲਫ਼ ਹਵਾਵਾਂ ਝੱਲ, ਵੇ ਕਬਿਆ ਮਹਿਰਮਾ.
ਮੈਂ ਮੁਜ਼ਰਮ ਤੇਰੇ ਹੱਥ ਸਜ਼ਾਵਾਂ, ਹੁਕਮ ਤੇਰਾ ਜੇ ਮੈਂ ਠੁਕਰਾਵਾਂ,
ਮੇਰੀ ਪੁੱਠੀ ਤੂੰ ਲਾਹ ਲੀਂ ਖੱਲ, ਵੇ ਕਬਿਆ ਮਹਿਰਮਾ.
ਗ਼ਮ ਆਉਂਦੇ ਨੇ ਨਿੱਤ ਬੇਲੋੜੇ ,ਫ਼ਿਕਰ, ਉਦਾਸੀ, ਹਿਜਰ, ਵਿਛੋੜੇ,
ਗਏ ਬੈਠ ਦਰਾਂ ਨੂੰ ਮੱਲ, ਵੇ ਕਬਿਆ ਮਹਿਰਮਾ.
ਵਾਂਗ ਚਾਹਲ ਦੇ ਨਾ ਪਛਤਾਵੀਂ, ਫਿਰ ਤੂੰ ਆਵੀਂ ਜਾ ਨਾ ਆਵੀਂ,
ਜਦੋਂ ਗਈ ਜੁਆਨੀ ਢਲ, ਵੇ ਕਬਿਆ ਮਹਿਰਮਾ. 

Sunday, March 20, 2011

ਰਾਤੀਂ ਨ੍ਹੇਰੀ ਵਗੀ , ਪੱਤੇ ਪਿਆਸੇ  ਰਹੇ , ਦੋਸ਼ ਨ੍ਹੇਰੀ ਦਾ ਹੈ ਸ਼ਬਨਮ ਦਾ ਨਹੀਂ
ਹਰ ਰੁੱਤ ਨੂੰ ਹੀ ਖੂੰਡੀ ਫੜਨੀ ਪਵੇ, ਹੁੰਦਾ ਮੌਸਮ ਸੁਹਾਣਾ ਹਰ ਦਮ ਦਾ ਨਹੀਂ.
ਜਿੱਥੇ ਸੂਰਜ ਨਾ ਪੰਛੀ ਨਾ ਢੋਰ ਦਿਸੇ , ਬਿਨ ਬਰਫਾਂ ਤੋਂ ਕੁਛ ਵੀ ਨਾ ਹੋਰ ਦਿਸੇ ,
ਉੱਥੇ ਵਰ੍ਹਿਆਂ ਲਈ ਪਲਕਾਂ ਨੂੰ ਦੱਬ ਵੇਖ ਲਿਆ, ਨੀਰ ਅੱਖੀਆਂ ਦਾ ਫਿਰ ਵੀ ਕਿਉਂ ਜਮਦਾ ਨਹੀਂ.
ਤੇਰੀ ਯਾਦਾਂ ਨੇ ਸਧਰਾਂ ਦੀ ਛਿੱਲ ਲਾਹ ਲਈ , ਸਾਰੇ ਸ਼ਹਿਰ ਦੇ ਤਬੀਬਾਂ ਨੇ ਵੀ ਵਾਹ ਲਾ ਲਈ,
ਅਸੀਂ ਮਲ੍ਹਮਾਂ ਦਾ ਪੋਚਾ ਵੀ ਲਵਾ ਵੇਖ  ਲਿਆ , ਖੂਨ ਜ਼ਖਮਾਂ ਦਾ ਫਿਰ ਵੀ ਕਿਉਂ ਥਮਦਾ ਨਹੀਂ.
ਤੇਰੇ ਹਿਜਰਾਂ ਚ ਰਾਤਾਂ ਨੂੰ ਵੀ ਰੋ ਵੇਖ ਲਿਆ, ਖੂਹ ਅੱਖੀਆਂ ਦਾ ਨਿੱਤ ਹੀ ਮੈਂ ਜੋਹ  ਵੇਖ ਲਿਆ,
ਮਾਲ੍ਹ ਨੈਣਾਂ ਦੀ ਮੁੱਦਤਾਂ ਤੋਂ ਗਿੜਦੀ ਦਿਸੇ , ਖੇਤ ਵਸਲਾਂ ਦਾ ਇੱਕ ਵੀ ਕਿਉਂ ਰਮਦਾ ਨਹੀਂ.
ਮੇਰੇ ਸਾਹਾਂ ਦੀ ਮੁਕਦੀ ਹੋਈ ਉਮਰ ਵਧਾ, ਕਦੀ ਫੁਰਸਤ ਕਢਕੇ ਆ ਦੀਦ ਕਰਾ,
ਇਸ ਜਿੰਦਗੀ ਨੂੰ ਚਾਹਲ ਕਿਉਂ ਜਿੰਦਗੀ ਕਹਾਂ,ਉਹਦੇ ਬਾਝੋਂ ਤਾਂ ਜਿਉਣਾ ਵੀ ਕੰਮ ਦਾ ਨਹੀਂ.
ਮੁਹੱਬਤਾਂ ਦੇ ਕੁੱਲ ਚੰਦ ਦਿਹਾੜੇ, ਲੰਮੀ ਫਿਰ ਜੁਦਾਈ ਵੇ,
ਲੋਭ ਤੇਰੇ ਨੇ ਮਹਿਕ ਵਸਲ ਦੀ ਹਿਜਰਾਂ ਨਾਲ ਵਟਾਈ ਵੇ.
ਔਂਤ ਫ਼ਕੀਰ ਦੀ ਲਾਸ਼ ਦੇ ਵਾਕਣ, ਰੁਲ ਗਿਆ ਜੋਬਨ ਮੇਰਾ,
ਦਿਲ ਮੇਰੇ ਦੀ ਹਸਰਤ ਨੂੰ ਵੀ, ਮੌਤ ਅਗੇਤੀ ਆਈ ਵੇ.
ਯਾਦ ਤੇਰੀ ਦੇ ਨਿੱਤ ਅਠੂਹੇੰ ਜਿਗਰੇ ਡੰਗ ਚਲਾਵਣ ਵੇ,
ਉਮਰਾਂ ਦੇ ਲਈ ਸੌਂ ਗਈ ਆਕੇ, ਨਾਲ ਮੇਰੇ ਤਨਹਾਈ ਵੇ.
ਅੱਜ ਯਕੀਨ ਦੀ ਸਰਦਲ ਤੇ ਵੀ ਵੇਖ ਲੈ ਕਬਰਸਤਾਨ ਬਣੇ ,
ਬਾਝ ਕਫ਼ਨ ਹੀ ਵਹਿਮ ਤੇਰਿਆਂ ਨੇ, ਹਕੀਕਤ ਹੈ ਦਫਨਾਈ ਵੇ.
ਚਾਹਤ ਮੇਰੀ  ਦੀ ਦੱਸ ਨਕਾਸ਼ੀ ਦਿਲ ਵਿਚ ਕਿੰਜ ਟਿਕਾਵਾਂ ਵੇ,
ਹਰ ਨੁੱਕਰ ਵਿਚ ਬੈਠੀ ਚਾਹਲ, ਇਸ਼ਕੇ ਦੀ ਰੁਸਵਾਈ ਵੇ.   

Saturday, March 19, 2011

ਅੱਜ ਖਾਬਾਂ ਵਿਚ ਆਵੀਂ ਮਹਿਰਮ , ਮਰਦਾ ਦਿਲ ਕੁਰਲਾਏ ਵੇ,
ਦੋ  ਦਹਾਕੇ ਬੀਤ ਗਏ ਤੇਰੀ, ਸੂਰਤ ਭੁਲਦੀ ਜਾਏ ਵੇ.
ਜੋਬਨ ਦੇ ਫੁੱਲ ਬਾਝ ਦੀਦਾਰਾਂ ਅਨਖਿਲਿਆਂ ਮੁੜ ਚੱਲੇ ਵੇ,
ਦੀਦ ਦੀ ਇੱਕ ਖੈਰਾਤ ਦੀ ਖਾਤਿਰ , ਕਾਸਾ ਨੈਣ ਬਣਾਏ ਵੇ.
ਦਿਲ ਵੀ ਜ਼ਿਦੀ ਹੋ ਗਿਆ ਸੱਜਣਾ , ਫਿਤਰਤ ਤੇਰੀ ਵਾਕਣ ਵੇ,
ਖਿਆਲਾਂ ਦੇ ਵਿਚ ਸ਼ਹਿਰ ਤੇਰੇ ਦਾ , ਨਿਤ ਇਹ ਫੇਰਾ ਪਾਏ ਵੇ.
ਬਣ ਕੇ ਨਿਤ ਮਹਿਮਾਨ ਉਦਾਸੀ ,ਖੁਸ਼ੀਆਂ ਦੇ ਘਰ ਆਉਂਦੀ ਏ,
ਹੋਠਾਂ ਦੀ ਦਹਿਲੀਜ਼ ਤੇ ਚੰਦਰੀ , ਸਿੱਕਰੀ ਵਧਦੀ ਜਾਏ ਵੇ.
ਸਾਗਰ ਦੀ ਪੱਤਨ ਦੇ ਵਸ ਕੇ ਰਹਿ ਗਏ ਹੋਠ ਪਿਆਸੇ ਵੇ,
ਇਸ਼ਕ਼ ਤਿਹਾਏ ਤਨ ਦੀ ਕੀਕਣ ਪਾਣੀ ਪਿਆਸ ਬੁਝਾਏ ਵੇ.
ਦਿਲ ਵਿੱਚ ਬੋਹਲ ਗਮਾਂ ਦੇ ਚਾਹਲ, ਵਾਂਗ ਪਹਾੜਾਂ ਹੋ ਗਏ ਨੇ,
ਸੂ ਸੂ ਪੀੜਾਂ , ਦਰਦ ਤੇ ਚੀਸਾਂ, ਹੋ ਗਏ ਦੂਣ ਸਵਾਏ ਵੇ.